ਯਾਦ ਹੈ ਮੈਨੂੰ ਅੱਜ ਵੀ ਉਹ ਸਵੇਰਾ,
ਮੈਂ ਕੋਠੇ ਦੀ ਮੁੰਡੇਰ ਤੋਂ,
ਅੱਧੀ ਲਟਕ ਕੇ ਤੇਰੇ ਟਾਂਗੇ ਵੱਲ,
ਜਦੋਂ ਪਹਿਲੀ ਵਾਰੀ ਵੇਖਿਆ ਸੀ!
ਲਹੌਰ ਦੀ ਠੰਡ, ਤੇ ਧੁੱਪ ਵਿਚ ਚਮਕਦੇ ਤੇਰੇ ਸੁਨਹਿਰੇ ਵਾਲ,
ਫੁਲਕਾਰੀ ਦੀ ਉਸ ਨਿੱਕੀ ਜਿਹੀ ਸ਼ਾਲ ਤੋਂ ਝਾਂਕਦੇ ਹੁੰਦੇ ਸਨ,
ਜਿਹੜੀ ਤੂੰ ਕਸ ਕੇ ਆਪਣੇ ਸਿਰ ‘ਤੇ ਲਪੇਟੀ ਹੋਈ ਸੀ।
ਯਾਦ ਹੈ ਮੈਨੂੰ ਤੇਰੀ ਪਹਿਲੀ ਦੀਦ,
ਜਦ ਆਪਣੀਆਂ ਨੀਲੀਆਂ ਅੱਖਾਂ ਘੁਮਾ ਕੇ,
ਤੂੰ ਮੇਰੇ ਕੋਠੇ ਤੋਂ ਅੱਧ ਲਟਕੇ ਅੱਠ-ਸਾਲਾਂ ਵਜੂਦ ਵੱਲ ਵੇਖ ਕੇ ਮੁਸਕੁਰਾਈ ਸੀ!
ਤੇਰੀ ਖ਼ੂਬਸੂਰਤੀ ਨੂੰ ਵੇਖ ਕੇ ਮੈਨੂੰ ਉਸ ਦਿਨ ਬੁਹਤਾ ਰਸ਼ਕ਼ ਹੋਇਆ ਸੀ।
ਕਿੰਨੀ ਸੋਹਣੀ ਸੀ ਤੂੰ!
ਪਰ ਨਾ ਜਾਨੇ ਕਿਉਂ ਤੇਰੀ ਮਾਸੂਮੀਅਤ ਨੂੰ ਦੋਬਾਰਾ ਵੇਖਣ ਵਾਸਤੇ,
ਮੈਂ ਆਪਣੀ ਖਿੜਕੀ ਤੋਂ ਪੂਰਾ ਦਿਨ ਸਾਡੇ ਪੜੋਸ ਵਿਚ ਤੇਰੀ ਆਮਦ ਨੂੰ
ਚੁੱਪ-ਚਾਪ ਵੇਖਦੀ ਰਹੀ।
ਯਾਦ ਹੈ ਮੈਨੂੰ…ਉਹ ਸਭ ਕੁਝ
ਯਾਦ ਹੈ ਮੈਨੂੰ,
ਉਸੀ ਸ਼ਾਮ ਜਦ ਤੂੰ ਦਹਲੀਜ਼ ‘ਤੇ ਆਈ ਸੀ,
ਮਾਂ ਦੇ ਨਾਲ ਉਸੀ ਪਲ ਹੀ ਮੈਂ ਸੌਦਾ ਲੈਕਰ ਆਈ ਸੀ!
ਇਕ ਇਲਹਾਮ ਸੀ ਵਾਜ਼ੇ ਹੁਣ,
ਦੂਰ ਤਲਕ ਅਸਾਂ ਜਾਣਾ ਹੈ,
ਹੋਲੀ, ਈਦ, ਦੀਵਾਲੀ ਸਭ ਕੁਝ,
ਨਾਲ ਹੀ ਆਪ ਮਨਾਉਣਾ ਹੈ!
ਯਾਦ ਹੈ ਮੈਨੂੰ ਘਰ ਵਿਚ ਬਹਿ ਕੇ
ਘਰ-ਘਰ ਆਪਾਂ ਖੇਡਦੇ ਰਹਿਣਾ
ਇਮਲਾ ਲਿਖਣਾ, ਨਕ਼ਲਾਂ ਕਰਣਾ,
ਛਿੱਤਰ ਕੱਠੇ ਝੇਲਦੇ ਰਹਿਣਾ!
ਲਾਲ ਤੇਰੇ ਜੋ ਸੈਂਡਲ ਸੀ ਨਾ,
ਸੋਹਣੇ ਬੁਹਤੇ ਲੱਗਦੇ ਸੀ ਉਹ,
ਅਨਾਰਕਲੀ ਦੇ ਚਿੱਟੇ ਕੁਰਤੇ
ਨਾਲ ਬੜੇ ਹੀ ਫੱਬਦੇ ਸੀ ਉਹ!
ਜ਼ਿਦ ਕਰ-ਕਰ ਕੇ ਤੇਰੇ ਜੈਸੇ ਸੈਂਡਲ ਮੇਰੇ ਲਈ ਵੀ ਆਏ,
ਜਿਹੜੇ ਆਪਾਂ ਨਵੇਂ ਲੀਰੇਆਂ ਨਾਲ ਦੀਵਾਲੀ ‘ਉੱਤੇ ਪਾਏ!
ਯਾਦ ਹੈ ਸਾਡਾ ਅਲ੍ਹੜਪਨ,
ਉਹ ਪਹਿਲੇ ਇਸ਼ਕ਼ ਦਾ ਪਾਗਲਪਨ!
ਪਹਿਲੇ ਖ਼ਤ ਦੀ ਗੱਲ ਵੀ ਮੈਨੂੰ,
ਛੁਪ-ਛੁਪ ਕੇ ਬਤਲਾਈ ਸੀ।
ਲੈਕੇ ਸੁਪਨੇ ਅੱਖਾਂ ਵਿਚ,
‘ਝੱਲੀ’ ਨੂੰ ਅਕ਼ਲ ਦੁਵਾਈ ਸੀ।
ਸਹੁਰੇ ਜਾਕੇ ਭੁੱਲ ਨਾ ਜਾਈਂ,
ਇਸ ਰਿਸ਼ਤੇ ਦਾ ਮਾਣ ਨਿਭਾਈਂ।
ਇਹ ਹੀ ਸਬਕ਼ ਮੈਂ ਜੱਪਦੇ ਰਹਿਣਾ,
ਨਾਲ ਤੇਰੇ ਜੱਦ ਵੀ ਮੈਂ ਬਹਿਣਾ।
ਮਸਤ-ਮਲੰਗੀ ਜਿੰਦ ਸੀ ਸਾਡੀ,
ਫਿਰ ਆਇਆ ਤੇਰੇ ਵਿਆਹ ਦਾ ਰੋਜ਼!
ਯਾਦ ਹੈ ਮੈਨੂੰ ਅਜ ਵੀ ਸਭ ਕੁਝ,
ਤੇਰੇ ਵਿਆਹ ਦੇ ਦੋ ਦਿਨ ਮਗਰੋਂ,
ਅਜਬ ਸੀ ਵਹਿਸ਼ਤ ਘੇਰੇ ਸੀ।
ਬਟਵਾਰਾ ਹੈ ਮੁਲਕ ਦਾ ਹੋਣਾ,
ਅਹਿਮ ਖ਼ਬਰ ਇਹ ਫੈਲੀ ਸੀ।
‘ਪਾਕਿਸਤਾਨ’ ਇਕ ਨਵਾਂ ਮੁਲਕ?
ਇਹ ਕਿਵੇਂ ਹੋ ਸੱਕਦਾ ਸੀ?
ਸਾਡੇ ਘਰ ਤੋਂ ਸਾਨੂੰ ਬਾਹਿਰ,
ਕੌਣ ਕਿਵੇਂ ਕੱਢ ਸਕਦਾ ਸੀ?
ਪਰ ਇਹ ਹੁਣ ਸਚਾਈ ਸੀ,
ਇਕ ਕੌੜੀ ਸਚਾਈ!
ਯਾਦ ਹੈ ਮੈਨੂੰ ਉਹ ਵੀ ਵੇਲਾ,
ਤੇਰੇ ਅੱਬੂ, ਮੇਰੇ ਬਾਬਾ,
ਤੇਰੀ ਅੰਮੀ ਮੇਰੀ ਅੰਮਾ,
ਲੜ੍ਹ ਲੱਗ ਕੇ ਜੋ ਰੋਏ ਸਨ।
ਰਾਤ ਦੀ ਉਸ ਤਾਰੀਕੀ ਵਿਚ
ਕਿੰਨੇ ਹੀ ਸੁਪਣੇ ਖੋਏ ਸਨ।
ਫਿਰ ਇਕ ਟਾਂਗਾ ਆਉਂਦਾ ਹੈ,
ਜਿਸ ਵਿਚ ਸਾਡਾ ਸਾਮਾਨ ਚੜ੍ਹਾ!
ਬੇਵਤਨੀ ਦਾ ਖੌਫ਼ ਕੀ ਹੁੰਦਾ
ਇਸ ਗੱਲ ਦਾ ਇਹਸਾਸ ਜਗਾ!
ਯਾਦ ਹੈ ਮੈਨੂੰ ਅਜ ਵੀ ਸਭ ਕੁਝ,
ਕਿਸ ਸ਼ਿੱਦਤ ਦੀ ਹੂਕ ਸੀ ਉੱਠੀ,
ਮੇਰੇ ਮੰਨ ਵਿਚ ਤੇਰੇ ਲਈ,
ਵਤਨ ਮੇਰੇ ਦੀ ਮਿੱਟੀ ਲਈ!
ਬਲਵੇ, ਖ਼ੂਨ-ਖ਼ਰਾਬੇ, ਚਾਰੋਂ ਪਾਸੇ ਮੈਨੂੰ ਦਿਸਦੇ ਸਨ,
ਤੇਰੇ ਸਹੁਰੇ ਘਰ ਦੇ ਦਰ ‘ਤੇ ਵੀ ਕੁਝ ਮੰਜ਼ਰ ਐਸੇ ਸਨ!
ਇਕ ਰਾਤ ਵਿਚ ਕੀ ਕੁਝ ਬਦਲਾ,
ਰਹਿਣਾ ਹੈ ਇਤਿਹਾਸ ਗਵਾਹ।
ਘਰ ਦੇ ਘਰ ਜੋ ਲੁੱਟ ਗਏ ਸਾਰੇ,
ਹਾਕਮ ਨੂੰ ਸੀ ਕਿ ਪਰਵਾਹ?
ਵਾਂਗ ਅਸੀਰਾਂ ਹਾਲਤ ਸੀ ਜੋ,
ਸੋਚਾ ਤੈਨੂੰ ਲਿਖਾਂਗੀ।
ਕੀ-ਕੀ ਗੁਜ਼ਰੀ ਸਾਡੇ ਉੱਤੇ,
ਸਾਰਾ ਹਾਲ ਮੈਂ ਦੱਸਾਂਗੀ!
ਯਾਦ ਹੈ ਮੈਨੂੰ ਪਹਿਲੀ ਵਾਰੀ,
ਗੱਲ ਜੱਦ ਆਪਾਂ ਕੀਤੀ ਸੀ।
ਸਿਸਕੀ ਤੇਰੀ ਰੁਕਦੀ ਨਹੀਂ ਸੀ,
ਮੈਂ ਇੱਥੇ ਅਖਰੂ ਪੀਤੀ ਸੀ!
ਮਿਲਨੇ ਦੀ ਜੋ ਆਸ ਜੋ ਸੀ,
ਹੁਣ ਬੱਚਿਆਂ ਨਾਲ ਹੀ ਬੰਨੀ ਸੀ।
ਆਸ ਹੀ ਬਣ ਕੇ ਰਹਿ ਜਾਣੀ ਹੈ,
ਇਸ ਦਾ ਇਲਮ ਵੀ ਕਿਸਨੂੰ ਸੀ?
ਫ਼ੋਨ ਜੋ ਇਕ ਦਿਨ ਵਾਜਿਆ ਘਰ ਤੇ,
ਰਾਤ ਸੀ ਉਹ ਵੀ ਤੂਫ਼ਾਨੀ,
ਰੁਖ਼ਸਾਰ, ਭੈਣੇ ਮੇਰੀਏ…
ਤੂੰ ਮੇਰੇ ਲਈ ਸੀ ਲਾਫ਼ਾਨੀ।
~ਨਿਦਾ ਜ਼ਹਰਾ
(A 1947 memoir of friendship between a Hindu and Muslim girl on 14th August’s fateful night, that dismembered one land, one country into two. This work is published in Punjabi magazine Waryam – June 2019, with the cover page poetry by Shiv Kumar Batalvi’s famous work “Rukh”, which means a tree. English transcript available within this blog)